ਲਹਿਰਾਗਾਗਾ ( ਪੱਤਰ ਪ੍ਰੇਰਕ ) ਪਿਛਲੇ ਦਿਨੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ਤੇ ਇਲਾਕੇ ਦੇ ਭੂ ਮਾਫੀਆ ਗਰੋਹ ਵੱਲੋਂ ਹਮਲਾ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸਨ ਉਕਤ ਦੋਸ਼ੀਆਂ ਨੂੰ ਮੰਤਰੀ ਬਰਿੰਦਰ ਗੋਇਲ ਦੇ ਦਬਾਅ ਸਦਕਾ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਰੋਸ ਵਧ ਰਿਹਾ ਹੈ। ਅੱਜ ਦੂਸਰੇ ਦਿਨ ਵੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਰੈਲੀਆਂ ਕਰਕੇ 3 ਮਈ ਨੂੰ ਲਹਿਰਾਗਾਗਾ ਵਿਖੇ ਕੀਤੇ ਜਾ ਰਹੇ ਰੋਸ ਮੁਜਾਹਰੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਅੱਜ ਪਿੰਡ ਲੇਹਲ ਖੁਰਦ, ਭੁਟਾਲ ਕਲਾਂ, ਰਾਏਧਰਾਣਾ, ਹਰੀਗੜ੍ਹ, ਰਾਮਪੁਰਾ ਜਵਾਹਰ ਵਾਲਾ, ਗੋਬਿੰਦਪੁਰਾ ਜਵਾਹਰ ਵਾਲਾ, ਗੁਰਨੇ ਖੁਰਦ ਅਤੇ ਘੋੜੇਨਾਬ ਪਿੰਡਾਂ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਰੋਸ ਮੁਜ਼ਾਹਰੇ ਵਿੱਚ ਪਹੁੰਚਣ ਲਈ ਲਾਮਬੰਦ ਕੀਤਾ ਗਿਆ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਪਾਲ ਸਿੰਘ ਖਾਈ, ਦਰਸ਼ਨ ਸਿੰਘ ਖਾਈ ਨੇ ਦੱਸਿਆ ਕਿ ਇਲਾਕੇ ਵਿੱਚ ਮੰਤਰੀ ਦੀ ਛਤਰ ਛਾਇਆ ਹੇਠ ਭੂ-ਮਾਫੀਆ ਗਰੋਹ ਪਿੰਡਾਂ ਦੇ ਗਰੀਬ ਲੋਕਾਂ ਦੀਆਂ ਰੌਲੇ ਵਾਲੀਆਂ ਜਮੀਨਾਂ ਖਰੀਦ ਕੇ ਉਹਨਾਂ ਤੇ ਨਜਾਇਜ਼ ਕਬਜ਼ੇ ਕਰਕੇ ਮਹਿੰਗੇ ਭਾਅ ਤੇ ਵੇਚਣ ਦਾ ਲੰਮੇ ਸਮੇਂ ਤੋਂ ਧੰਦਾ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਖਾਈ ਦੇ ਵਿੱਚ ਵੀ ਉਹਨਾਂ ਨੇ ਇੱਕ ਗਰੀਬ ਪਰਿਵਾਰ ਦੀ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਪਿੰਡ ਨੇ ਵਿਰੋਧ ਕੀਤਾ ਅਤੇ ਉਕਤ ਗਿਰੋਹ ਨੇ ਸਬਕ ਸਿਖਾਉਣ ਲਈ ਕਿਸਾਨ ਆਗੂ ਨਿਰਭੈ ਸਿੰਘ ਖਾਈ ਜੋ ਆਪਣੀ ਡਿਊਟੀ ਤੇ 25 ਅਪ੍ਰੈਲ ਨੂੰ ਸਕੂਲ ਜਾ ਰਹੇ ਸਨ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਕਾਤਲਾਨਾ ਹਮਲਾ ਕੀਤਾ। ਅੱਜ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਦੋਸ਼ੀ ਸ਼ਰੇਆਮ ਖੁੱਲੇ ਘੁੰਮ ਰਹੇ ਹਨ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਮੰਤਰੀ ਦੇ ਦਬਾਅ ਕਾਰਨ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਪਰ ਲੋਕ ਕਦੇ ਵੀ ਅਜਿਹੇ ਗੁੰਡਾਗਰੋਹ ਅੱਗੇ ਨਹੀਂ ਝੁਕਣਗੇ ਅਤੇ ਇਸ ਭੂ-ਮਾਫੀਆ ਗਰੋਹ,ਪੁਲਿਸ ਅਤੇ ਸਿਆਸੀ ਗੱਠਜੋੜ ਨੂੰ ਮੂੰਹ ਤੋੜ ਜਵਾਬ ਦੇਣ ਲਈ 3 ਮਈ ਨੂੰ ਵੱਧ ਚੜ੍ਹ ਕੇ ਲਹਿਰੇ ਪਹੁੰਚਣਗੇ।
Leave a Reply